ਟੀਮ ਇੰਡੀਆ ਦੇ ਮਸ਼ਹੂਰ ਸਪਿਨਰ ਯੁਜਵੇਂਦਰ ਚਾਹਲ ਅਤੇ ਉਨ੍ਹਾਂ ਦੀ ਪਤਨੀ ਧਨਸ਼੍ਰੀ ਵਰਮਾ ਹੁਣ ਅਧਿਕਾਰਕ ਤੌਰ ‘ਤੇ ਵੱਖ ਹੋ ਚੁੱਕੇ ਹਨ। ਦੋਵਾਂ ਨੇ ਦਸੰਬਰ 2020 ਵਿੱਚ ਵਿਆਹ ਕੀਤਾ ਸੀ, ਪਰ ਲਗਭਗ ਚਾਰ ਸਾਲਾਂ ਬਾਅਦ ਇਹ ਰਿਸ਼ਤਾ ਖਤਮ ਹੋ ਗਿਆ। ਉਨ੍ਹਾਂ ਦੇ ਤਲਾਕ ਦੀ ਕਾਰਵਾਈ ਬਾਂਦਰਾ ਫੈਮਿਲੀ ਕੋਰਟ ਵਿੱਚ ਚੱਲ ਰਹੀ ਸੀ, ਜਿਸ ਦਾ ਫੈਸਲਾ ਵੀਰਵਾਰ ਨੂੰ ਆਇਆ। ਇਹ ਤਲਾਕ ਆਪਸੀ ਸਹਿਮਤੀ ਨਾਲ ਹੋਇਆ।
ਚਾਹਲ ਅਤੇ ਧਨਸ਼੍ਰੀ ਦੀ ਮੁਲਾਕਾਤ ਪਹਿਲਾਂ ਸੋਸ਼ਲ ਮੀਡੀਆ ‘ਤੇ ਹੋਈ ਸੀ, ਜਿੱਥੋਂ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਪਰ, ਵਿਆਹ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੇ ਵਿਚਕਾਰ ਦੂਰੀਆਂ ਵਧਣ ਲੱਗੀਆਂ। ਰਿਪੋਰਟਾਂ ਮੁਤਾਬਕ, ਚਾਹਲ ਨੇ ਧਨਸ਼੍ਰੀ ਨੂੰ ਗੁਜ਼ਾਰਾ ਭੱਤਾ ਵਜੋਂ 4.75 ਕਰੋੜ ਰੁਪਏ ਦੇਣੇ ਸਨ, ਜਿਸ ਵਿੱਚੋਂ 2.37 ਕਰੋੜ ਉਹ ਪਹਿਲਾਂ ਹੀ ਅਦਾ ਕਰ ਚੁੱਕਾ ਹੈ।
ਚਾਹਲ ਨੇ ਇੱਕ ਪੋਡਕਾਸਟ ਦੌਰਾਨ ਦੱਸਿਆ ਕਿ ਉਹ ਧਨਸ਼੍ਰੀ ਤੋਂ ਡਾਂਸ ਸਿੱਖਣਾ ਚਾਹੁੰਦਾ ਸੀ, ਜਿਸ ਕਰਕੇ ਉਹ ਉਨ੍ਹਾਂ ਦੇ ਸੰਪਰਕ ਵਿੱਚ ਆਇਆ। ਪਰ, ਜੂਨ 2022 ਤੋਂ ਦੋਵੇਂ ਵੱਖ-ਵੱਖ ਰਹਿ ਰਹੇ ਸਨ। ਧਨਸ਼੍ਰੀ ਨੇ ਆਪਣੇ ਇੰਸਟਾਗ੍ਰਾਮ ਤੋਂ ਚਾਹਲ ਦਾ ਨਾਮ ਹਟਾ ਦਿੱਤਾ ਸੀ, ਜਿਸ ਤੋਂ ਉਨ੍ਹਾਂ ਦੇ ਤਲਾਕ ਦੀਆਂ ਚਰਚਾਵਾਂ ਸ਼ੁਰੂ ਹੋਈਆਂ।
ਇਸ ਤੋਂ ਇਲਾਵਾ, ਚਾਹਲ ਨੇ ਆਪਣੀ ਇੰਸਟਾਗ੍ਰਾਮ ਪ੍ਰੋਫਾਈਲ ਤੋਂ ਧਨਸ਼੍ਰੀ ਨਾਲ ਖਿੱਚੀਆਂ ਸਾਰੀਆਂ ਤਸਵੀਰਾਂ ਹਟਾ ਦਿੱਤੀਆਂ। ਦੋਵੇਂ ਨੇ 5 ਫਰਵਰੀ 2025 ਨੂੰ ਤਲਾਕ ਦੀ ਅਰਜ਼ੀ ਦਾਇਰ ਕੀਤੀ ਸੀ।
ਦੂਜੇ ਪਾਸੇ, ਚਾਹਲ ਨੇ ਆਪਣੀ ਆਈਪੀਐਲ ਟੀਮ ਵੀ ਬਦਲ ਲਈ ਹੈ। ਹੁਣ ਉਹ ਰਾਜਸਥਾਨ ਰਾਇਲਜ਼ ਦੀ ਬਜਾਏ ਪੰਜਾਬ ਕਿੰਗਜ਼ ਲਈ ਖੇਡਣਗੇ। ਮੈਗਾ ਨਿਲਾਮੀ ਦੌਰਾਨ, ਪੰਜਾਬ ਨੇ 18 ਕਰੋੜ ਰੁਪਏ ਵਿੱਚ ਉਨ੍ਹਾਂ ਨੂੰ ਖਰੀਦਿਆ।